ਮੇਰਾ ਖਿਆਲ ਹੈ ਇਸ ਵਿਸ਼ੇ 'ਤੇ ਵਿਚਾਰ ਕਰਨ ਲਈ ਹੋਰ ਕਿਤੇ ਜਾਣ ਦੀ ਲੋੜ ਨਹੀਂ ਏਥੇ ਹੀ
ਵਿਚਾਰ ਕੀਤਾ ਜਾ ਸਕਦਾ ਹੈ।
1.ਪੰਜਾਬੀ ਬੋਲੀ ਹਰ ਵਿਧਾ ਨੂੰ ਅਪਨਾਉਣ ਦੇ ਸਮਰੱਥ ਹੈ। ਹਰ ਬੋਲੀ ਹਰ ਵਿਧਾ ਨੂੰ ਅਪਣੇ
ਅਨੁਸਾਰ ਬਦਲ ਵੀ ਲੈਂਦੀ ਹੈ। ਪੰਜਾਬੀ ਬੋਲੀ ਨੇ ਅਨੇਕਾਂ 'ਵਿਦੇਸ਼ੀ' ਸਾਹਿਤਕ ਰੂਪਾਂ
ਅਤੇ ਵਿਧਾਵਾਂ ਨੂੰ ਅਪਣਾਇਆ ਹੈ। ਜਦੋਂ ਵੀ ਕੋਈ ਬੋਲੀ ਕਿਸੇ ਵਿਧਾ ਨੂੰ ਅਪਣਾ ਲੈਂਦੀ
ਹੈ ਉਹ 'ਵਿਦੇਸ਼ੀ' ਨਹੀਂ ਰਹਿੰਦੀ। ਉਸ ਦੀ ਅਪਣੀ ਬਣ ਜਾਂਦੀ ਹੈ। ਹਾਇਕੂ ਵਿਧਾ ਪੰਜਾਬੀ
ਬੋਲੀ ਲਈ ਕਿੰਨੀਂ ਕੁ ਢੁਕਵੀਂ ਹੈ ਇਸ ਦਾ ਅੰਦਾਜ਼ਾ ਤੁਸੀਂ ਇੰਟਰਨੈੱਟ ਅਤੇ ਫੇਸਬੁੱਕ
'ਤੇ ਚੱਲ ਰਹੇ ਬਲਾਗ ਅਤੇ ਗਰੁੱਪਾਂ ਤੋਂ ਲਗਾ ਸਕਦੇ ਹੋ। ਜਿਨ੍ਹਾਂ ਵਿਚ ਬਹੁਤ ਹੀ ਵਧੀਆ
ਹਾਇਕੂ ਸਿਰਜੇ ਜਾ ਰਹੇ ਹਨ।
2. ਰਚਨਾਤਿਮਕਤਾ ਦੀ ਸੰਭਾਵਨਾ ਕਿਸੇ ਰੂਪ ਜਾਂ ਵਿਧਾ 'ਚ ਨਹੀਂ ਹੁੰਦੀ ਸਗੋਂ ਲਿਖਣ
ਵਾਲ਼ੇ ਦੀ ਸਮਰੱਥਾ 'ਤੇ ਨਿਰਭਰ ਕਰਦੀ ਹੈ। ਸਮਰੱਥ ਲੇਖਕ ਵਿਧਾ ਦੀਆਂ ਸੰਭਾਵਨਾਵਾਂ ਨੂੰ
ਵੀ ਸਮਰੱਥ ਬਣਾ ਲੈਂਦੇ ਹਨ।
3. ਹਾਇਕੂ ਦਾ ਮੂਲ ਰੂਪ ਕੀ ਹੈ? ਪਿਛਲੇ ਪੰਜ ਸੌ ਸਾਲਾਂ ਵਿਚ ਹਾਇਕੂ ਦੇ ਮੂਲ ਰੂਪ ਵਿਚ
ਬਹੁਤ ਤਬਦੀਲੀਆਂ ਆਈਆਂ ਹਨ ਅਤੇ ਅੱਜ ਵੀ ਅਨੇਕਾਂ ਭਾਸ਼ਾਵਾਂ ਦੇ ਹਾਇਜਨ ਹਾਇਕੂ ਦੇ ਵੱਖੋ
ਵੱਖਰੇ ਰੂਪਾਂ ਦੇ ਤਜਰਬੇ ਕਰ ਰਹੇ ਹਨ। ਮੂਲ ਰੂਪ ਵਿਚ ਹਾਇਕੂ ਜਾਪਾਨੀ ਭਾਸ਼ਾ ਵਿਚ ਇਕੋ
ਖੜੀ ਪੰਕਤੀ ਵਿਚ ਲਿਖੀ ਜਾਂਦੀ ਸੀ ਪਰ ਅੰਗਰੇਜ਼ੀ ਅਨੁਵਾਦਕਾਰਾਂ ਨੇ ਇਸ ਨੂੰ ਤਿੰਨ
ਪੰਕਤੀਆਂ ਵਿਚ ਲਿਖਣਾ ਸ਼ੁਰੂ ਕਰ ਦਿੱਤਾ। ਜੋ ਬਹੁਤ ਮਕਬੂਲ ਹੋਇਆ। ਬਹੁਤ ਸਾਰੇ ਲੇਖਕ ਇਕ
ਪੜੀ ਪੰਕਤੀ, ਦੋ ਪੰਕਤੀਆਂ ਅਤੇ ਚਾਰ ਪੰਕਤੀਆਂ, ਗੋਲ਼ ਆਕਾਰ ਆਦਿ ਕਈ ਰੂਪਾਂ ਵਿਚ
ਹਾਇਕੂ ਸਿਰਜ ਰਹੇ ਹਨ। ਪਰ ਦੁਨੀਆਂ ਦੇ ਸਾਰੇ ਹਾਇਜਨ ਹਾਇਕੂ ਦੇ ਕੁਝ ਬੁਨਿਆਦੀ ਨਿਯਮਾ
ਅਤੇ ਗੁਣਾ ਬਾਰੇ ਸਹਿਮਤ ਹਨ। ਪੰਜਾਬੀ ਹਾਇਕੂ ਲੇਖਕ ਵੀ ਉਨ੍ਹਾ ਨਿਯਮਾਂ ਤੋਂ ਜਾਣੂ ਹਨ
ਅਤੇ ਬਹੁਤ ਹੱਦ ਤੀਕ ਪਾਲਣਾ ਰਹੇ ਹਨ।
4. ਕਵਲਦੀਪ ਜੀ ਮੇਰੀ ਬੇਨਤੀ ਹੈ ਕਿ ਇਸ ਵਿਸ਼ੇ ਨੂੰ ਉਲਝਾਇਆ ਨਾ ਜਾਵੇ। ਕਿਉਂਕਿ ਇਸ
ਵਿਚ ਬਹੁਤ ਸਾਰੇ ਉਹ ਵਿਚਾਰਵਾਨ ਵੀ ਲਿਖਣਗੇ ਜੋ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਨਗੇ ਕਿ:
ਹਾਇਕੂ 'ਵਿਦੇਸ਼ੀ' ਹੈ,
ਇਹ ਪੰਜਾਬੀ ਬੋਲੀ ਲਈ ਢੁਕਵੀ☬ ਨਹੀਂ,
ਇਸ ਵਿਧਾ ਦੀ ਰਚਨਾਤਮਕਤਾ ਸੀਮਤ ਹੈ,
ਪੰਜਾਬੀ ਲੇਖਕ ਹਾਇਕੂ ਦੀ ਸੰਵੇਦਨਾ ਨੂੰ ਸਮਝਦੇ ਹੀ ਨਹੀਂ,
ਹਾਇਕੂ ਪੰਜਾਬੀ ਸਭਾ ਦੇ ਅਨੁਕੂਲ ਨਹੀਂ।
ਮੈਂ ਇਸ ਤਰਾਂ ਦੇ ਵਿਚਾਰ ਮੀਟਿੰਗਾਂ ਅਤੇ ਕਾਨਫਰੰਸ ਵਿਚ ਬਹੁਤ ਸੁਣ ਚੁੱਕਿਆ ਹਾਂ। ਇਹ
ਵਿਚਾਰ ਵਟਾਂਦਰਾ ਨਿਰਮੂਲ ਹੈ ਕਿਉਂਕਿ ਇਹ ਪੰਜਾਬੀ ਲੇਖਕਾਂ ਅਤੇ ਪਾਠਕਾਂ ਨੂੰ ਹਾਇਕੂ
ਦੇ ਹੱਕ ਵਿਚ ਜਾਂ ਹਾਇਕੂ ਦੇ ਵਿਰੋਧ ਵਿਚ ਵੰਡਣ ਤੋਂ ਵੱਧ ਕੁਝ ਨਹੀਂ ਕਰ ਸਕਦਾ।
ਪੰਜਾਬੀ ਸਾਹਿਤ ਖੇਤਰ ਵਿਚ ਗ਼ਜ਼ਲ ਪੱਖੀ ਅਤੇ ਗ਼ਜ਼ਲ ਵਿਰੋਧੀ ਪਿਆ ਪਾੜਾ ਬੜੀ ਮੁਸ਼ਕਿਲ
ਨਾਲ਼ ਹੁਣ ਕੁਝ ਮਿਟਿਆ ਹੈ। ਕਿਰਪਾ ਕਰ ਕੇ ਇਕ ਹੋਰ ਵਿਵਾਦਗ੍ਰਸਤ ਵਿਸ਼ਾ ਨਾ ਖੜਾ ਕਰੋ।